ਭਾਰਤ ਨੇ ਖੇਤੀਬਾੜੀ ਦੇ ਮੋਰਚੇ ‘ਤੇ ਇੱਕ ਵੱਡੀ ਇਤਿਹਾਸਕ ਕਾਮਯਾਬੀ ਹਾਸਲ ਕਰ ਲਈ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਤਾਜ਼ਾ ਬਿਆਨ ਮੁਤਾਬਕ, ਭਾਰਤ ਹੁਣ ਦੁਨੀਆਂ ਦਾ ਸਭ ਤੋਂ ਵੱਡਾ ਚੌਲ ਉਤਪਾਦਕ ਦੇਸ਼ ਬਣ ਗਿਆ ਹੈ ਅਤੇ ਇਸ ਮਾਮਲੇ ਵਿੱਚ ਚੀਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਤਾਜ਼ਾ ਸਰਕਾਰੀ ਆਂਕੜਿਆਂ ਅਨੁਸਾਰ ਭਾਰਤ ਨੇ ਲਗਭਗ 150 ਮਿਲੀਅਨ ਟਨ ਤੋਂ ਵੱਧ ਚੌਲ ਦਾ ਉਤਪਾਦਨ ਕੀਤਾ ਹੈ, ਜਦਕਿ ਚੀਨ ਦਾ ਉਤਪਾਦਨ ਕਰੀਬ 145 ਮਿਲੀਅਨ ਟਨ ਦੇ ਆਸ-ਪਾਸ ਰਿਹਾ ਹੈ। ਇਹ ਅੰਤਰ ਸਾਫ਼ ਦਰਸਾਉਂਦਾ ਹੈ ਕਿ ਭਾਰਤੀ ਕਿਸਾਨਾਂ ਦੀ ਮਿਹਨਤ ਅਤੇ ਨਵੀਂ ਖੇਤੀਬਾੜੀ ਨੀਤੀਆਂ ਨੇ ਦੇਸ਼ ਨੂੰ ਵਿਸ਼ਵ ਪੱਧਰ ‘ਤੇ ਅੱਗੇ ਲਿਆਂਦਾ ਹੈ।

ਮੰਤਰੀ ਚੌਹਾਨ ਨੇ ਕਿਹਾ ਕਿ ਭਾਰਤ ਹੁਣ ਕੇਵਲ ਆਪਣੀ ਲੋੜ ਪੂਰੀ ਕਰਨ ਵਾਲਾ ਦੇਸ਼ ਨਹੀਂ ਰਿਹਾ, ਸਗੋਂ ਵਿਸ਼ਵ ਲਈ ਅਨਾਜ ਸਪਲਾਈ ਕਰਨ ਵਾਲਾ ਇੱਕ ਮਹੱਤਵਪੂਰਨ ਕੇਂਦਰ ਬਣ ਚੁੱਕਾ ਹੈ। ਇਸ ਉਪਲਬਧੀ ਦੇ ਨਾਲ ਹੀ ਭਾਰਤ ਦੀ ਖਾਦ ਸੁਰੱਖਿਆ ਹੋਰ ਮਜਬੂਤ ਹੋਵੇਗੀ ਅਤੇ ਅਨਾਜ ਦੀ ਬਰਾਮਦ ਰਾਹੀਂ ਵਿਦੇਸ਼ੀ ਮੁਦਰਾ ਵੀ ਵਧੇਗੀ
ਇਸ ਦੌਰਾਨ ਭਾਰਤੀ ਖੇਤੀ ਖੋਜ ਪ੍ਰੀਸ਼ਦ (ICAR) ਵੱਲੋਂ 25 ਵੱਖ-ਵੱਖ ਫਸਲਾਂ ਦੀਆਂ 184 ਨਵੀਆਂ ਕਿਸਮਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ, ਚੌਲ, ਗੰਨਾ, ਦਾਲਾਂ ਤੇਲ ਬੀਜ, ਕਪਾਹ, ਚਾਰਾਂ ਫਸਲਾਂ ਅਤੇ ਜੂਟ ਵਰਗੀਆਂ ਫਸਲਾਂ ਸ਼ਾਮਲ ਹਨ। ਵਿਗਿਆਨੀਆਂ ਦੇ ਅਨੁਸਾਰ ਇਹ ਨਵੀਆਂ ਕਿਸਮਾਂ ਜਲਵਾਯੂ ਪਰਿਵਰਤਨ ਦਾ ਸਾਹਮਣਾ ਕਰਨ ਯੋਗ ਹਨ, ਘੱਟ ਪਾਣੀ ਵਿੱਚ ਵਧੀਆ ਝਾੜ ਦਿੰਦੀਆਂ ਹਨ ਅਤੇ ਬਿਮਾਰੀਆਂ ਨਾਲ ਲੜਨ ਦੀ ਵਧੀਕ ਸਮਰੱਥਾ ਰੱਖਦੀਆਂ ਹਨ।
ਸਰਕਾਰੀ ਸਰੋਤਾਂ ਮੁਤਾਬਕ 1969 ਤੋਂ ਲੈ ਕੇ ਹੁਣ ਤੱਕ ਦੇਸ਼ ਵਿੱਚ 7,000 ਤੋਂ ਵੱਧ ਫਸਲਾਂ ਦੀਆਂ ਕਿਸਮਾਂ ਨੋਟੀਫਾਈ ਕੀਤੀਆਂ ਜਾ ਚੁੱਕੀਆਂ ਹਨ। ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਹਾਲੀਆ ਸਾਲਾਂ ਵਿੱਚ ਮਨਜ਼ੂਰ ਹੋਈ ਹੈ। ਇਹ ਦਰਸਾਉਂਦਾ ਹੈ ਕਿ ਖੇਤੀਬਾੜੀ ਖੋਜ ਅਤੇ ਨਵੀਨਤਾ ਨੂੰ ਸਰਕਾਰ ਵੱਲੋਂ ਖਾਸ ਤਰਜੀਹ ਦਿੱਤੀ ਜਾ ਰਹੀ ਹੈ।
ਖੇਤੀਬਾੜੀ ਮੰਤਰੀ ਨੇ ਵਿਗਿਆਨੀਆਂ ਅਤੇ ਅਧਿਕਾਰੀਆਂ ਨੂੰ ਦਾਲਾਂ ਅਤੇ ਤੇਲ ਬੀਜਾਂ ਦੇ ਖੇਤਰ ਵਿੱਚ ਵੀ ਤੇਜ਼ੀ ਨਾਲ ਕੰਮ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਭਾਰਤ ਹਰ ਖੇਤੀਬਾੜੀ ਖੇਤਰ ਵਿੱਚ ਆਤਮ-ਨਿਰਭਰ ਬਣ ਸਕੇ। ਨਵੀਆਂ ਬੀਜ ਕਿਸਮਾਂ ਨੂੰ ਕਿਸਾਨਾਂ ਤੱਕ ਜਲਦੀ ਪਹੁੰਚਾਉਣ ‘ਤੇ ਵੀ ਜ਼ੋਰ ਦਿੱਤਾ ਗਿਆ ਹੈ, ਤਾਂ ਜੋ ਉਨ੍ਹਾਂ ਦੀ ਆਮਦਨ ਅਤੇ ਫਸਲ ਦੀ ਗੁਣਵੱਤਾ ਦੋਵਾਂ ਵਿੱਚ ਸੁਧਾਰ ਆ ਸਕੇ।
👉 live ਅਪਡੇਟਸ ਲਈ ਸਾਡੀ ਵੈੱਬਸਾਈਟ https://haqiqatepunjab.in/ ਨਾਲ ਜੁੜੇ ਰਹੋ।







