ਬਿਹਾਰ ਦੇ ਨਵਾਦਾ ਜ਼ਿਲ੍ਹੇ ਵਿੱਚ ਸਾਈਬਰ ਅਪਰਾਧ ਦੀ ਦੁਨੀਆ ਦਾ ਇੱਕ ਹੈਰਾਨ ਕਰ ਦੇਣ ਵਾਲਾ ਚਿਹਰਾ ਸਾਹਮਣੇ ਆਇਆ ਹੈ, ਜਿੱਥੇ ਲੋਕਾਂ ਨੂੰ ਅਜੀਬੋ-ਗਰੀਬ ਤਰੀਕੇ ਨਾਲ ਲੁਭਾ ਕੇ ਲੱਖਾਂ ਰੁਪਏ ਠੱਗੇ ਜਾ ਰਹੇ ਸਨ। ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਭਾਂਡਾ ਫੋੜਿਆ ਹੈ ਜੋ ਬੇਰੋਜ਼ਗਾਰ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਲੋਕਾਂ ਨੂੰ “ਪ੍ਰੈਗਨੈਂਸੀ ਜੋਬ “ਅਤੇ “ਸਸਤੇ ਲੋਨ” ਵਰਗੀਆਂ ਯੋਜਨਾਵਾਂ ਦੇ ਨਾਂ ਤੇ ਨਿਸ਼ਾਨਾ ਬਣਾ ਰਿਹਾ ਸੀ।
ਪੁਲਸ ਸੁਤਰਾਂ ਮੁਤਾਬਕ, ਇਹ ਗਿਰੋਹ ਸੋਸ਼ਲ ਮੀਡੀਆ ‘ਤੇ ਧਨੀ ਫਾਈਨੈਂਸ, ਆਲ ਇੰਡੀਆ ਪ੍ਰੈਗਨੈਂਸੀ ਜੋਬਸ, ਸੀਬੀਆਈ ਲੋਨ ਸਕੀਮ ਅਤੇ ਪਲੇਬੁਆਏ ਸਰਵਿਸ ਵਰਗੇ ਚਮਕਦਾਰ ਨਾਂ ਵਰਤ ਕੇ ਝੂਠੇ ਇਸ਼ਤਿਹਾਰ ਚਲਾਉਂਦਾ ਸੀ। ਇਨ੍ਹਾਂ ਇਸ਼ਤਿਹਾਰਾਂ ਰਾਹੀਂ ਦਾਅਵਾ ਕੀਤਾ ਜਾਂਦਾ ਸੀ ਕਿ ਜੇਕਰ ਕੋਈ ਵਿਅਕਤੀ ਬੇਔਲਾਦ ਔਰਤ ਨੂੰ ਗਰਭਵਤੀ ਕਰਨ ਵਿੱਚ ਮਦਦ ਕਰੇ, ਤਾਂ ਉਸਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਇਥੇ ਤੱਕ ਕੀ ਅਸਫਲਤਾ ਦੀ ਸਥਿਤੀ ਵਿੱਚ ਵੀ ਅੱਧੀ ਰਕਮ ਦੇਣ ਦਾ ਵਾਅਦਾ ਕੀਤਾ ਜਾਂਦਾ ਸੀ।
ਇਸ ਜਾਲ ਵਿੱਚ ਫਸਾਉਣ ਲਈ ਲੋਕਾਂ ਨੂੰ ਵਟਸਐਪ ‘ਤੇ ਸੁੰਦਰ ਅਤੇ ਮਾਡਲ ਵਰਗੀਆਂ ਔਰਤਾਂ ਦੀਆਂ ਨਕਲੀ ਤਸਵੀਰਾਂ ਭੇਜੀਆਂ ਜਾਂਦੀਆਂ ਸਨ। ਫਿਰ ਉਨ੍ਹਾਂ ਤੋਂ ਰਜਿਸਟ੍ਰੇਸ਼ਨ ਫੀਸ, ਮੈਡੀਕਲ ਖਰਚ ਜਾਂ ਹੋਰ ਤਕਨੀਕੀ ਕਾਰਨਾਂ ਦੇ ਨਾਂ ‘ਤੇ ਪੈਸੇ ਮੰਗੇ ਜਾਂਦੇ ਜੋ ਸਿੱਧੇ ਠੱਗਾਂ ਦੇ ਖਾਤਿਆਂ ‘ਚ ਚਲੇ ਜਾਂਦੇ ਸਨ।
ਨਵਾਦਾ ਦੇ ਪੁਲਸ ਸੁਪਰਡੈਂਟ ਅਭਿਨਵ ਧੀਮਾਨ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਖਾਸ ਜਾਂਚ ਟੀਮ (SIT) ਬਣਾਈ ਗਈ ਸੀ। ਜਾਂਚ ਦੇ ਅਧਾਰ ‘ਤੇ ਹਿਸੁਆ ਥਾਣਾ ਖੇਤਰ ਦੇ ਮਨਵਾ ਪਿੰਡ ਦੇ ਰਹਿਣ ਵਾਲੇ ਰੰਜਨ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਇੱਕ ਨਾਬਾਲਗ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਦੋਸ਼ੀਆਂ ਕੋਲੋਂ ਚਾਰ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਰਾਹੀਂ ਸਾਰੀ ਠੱਗੀ ਚਲਾਈ ਜਾ ਰਹੀ ਸੀ।
ਪੁਲਸ ਦਾ ਕਹਿਣਾ ਹੈ ਕਿ ਸਮਾਜਿਕ ਸ਼ਰਮ ਅਤੇ ਡਰ ਕਾਰਨ ਕਈ ਪੀੜਤ ਅੱਗੇ ਨਹੀਂ ਆਏ, ਜਿਸ ਨਾਲ ਇਹ ਗਿਰੋਹ ਲੰਮੇ ਸਮੇਂ ਤੱਕ ਬਿਨਾਂ ਡਰ ਦੇ ਕੰਮ ਕਰਦਾ ਰਿਹਾ। ਨਵਾਦਾ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਸਾਈਬਰ ਠੱਗੀ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਸ ਕਾਰਨ ਪ੍ਰਸ਼ਾਸਨ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ
👉 live ਅਪਡੇਟਸ ਲਈ ਸਾਡੀ ਵੈੱਬਸਾਈਟ https://haqiqatepunjab.in/ ਨਾਲ ਜੁੜੇ ਰਹੋ।







