ਸ੍ਰੀ ਮੁਕਤਸਰ ਸਾਹਿਬ /ਚੰਡੀਗੜ੍ਹ :
ਪੰਜਾਬ ਦੀ ਸਿਆਸਤ ਦਾ ਕੇਂਦਰ ਮੰਨੇ ਜਾਂਦੇ ਮਾਘੀ ਮੇਲੇ ਨੂੰ ਲੈ ਕੇ ਇਸ ਵਾਰ ਸਿਆਸੀ ਸਰਗਰਮੀ ਚਰਮ ‘ਤੇ ਹੈ। ਸ੍ਰੀ ਮੁਕਤਸਰ ਸਾਹਿਬ ਵਿੱਚ ਲੱਗਣ ਵਾਲੇ ਇਸ ਇਤਿਹਾਸਿਕ ਮੇਲੇ ਦੌਰਾਨ ਸੂਬੇ ਦੀਆਂ ਮੁੱਖ ਸਿਆਸੀ ਧਿਰਾਂ ਆਪਣੀ ਤਾਕਤ ਦਿਖਾਉਣ ਲਈ ਪੂਰੀ ਤਰ੍ਹਾਂ ਮੈਦਾਨ ‘ਚ ਹਨ। 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਾਘੀ ਮੇਲ ਨਾ ਇਸ ਵਾਰ ਸਿਰਫ਼ ਧਾਰਮਿਕ ਜਾਂ ਸਾਂਸਕ੍ਰਿਤਿਕ ਸਮਾਗਮ ਹੀ ਨਹੀਂ, ਸਗੋਂ ਸਿਆਸੀ ਦਿਸ਼ਾ ਤੈਅ ਕਰਨ ਵਾਲਾ ਮੰਚ ਵੀ ਬਣਦਾ ਦਿੱਖ ਰਿਹਾ ਹੈ।
ਕਈ ਸਾਲਾਂ ਬਾਅਦ ਆਮ ਆਦਮੀ ਪਾਰਟੀ ਮੁੱਖਸਰ ਸਾਹਿਬ ਵਿੱਚ ਆਪਣੀ ਸਿਆਸੀ ਕਾਨਫਰੰਸ ਰਾਹੀਂ ਵੱਡਾ ਸੰਦੇਸ਼ ਦੇਣ ਦੀ ਤਿਆਰੀ ਚ ਹੈ। ਦੱਸਿਆ ਜਾ ਰਿਹਾ ਹੈ ਕਿ ਕਾਨਫਰੰਸ ਦੀ ਥਾਂ ਅਤੇ ਪਰਬੰਧਾਂ ਦੀ ਜਾਂਚ ਲਈ ਦਿੱਲੀ ਤੋਂ ਖਾਸ ਟੀਮ ਪਹੁੰਚੇਗੀ। ਪਾਰਟੀ ਲਈ ਮਾਘੀ ਮੇਲਾ ਇਤਿਹਾਸਿਕ ਮਹੱਤਵ ਰੱਖਦਾ ਹੈ। ਕਿਉਂਕਿ 2016 ਵਿੱਚ ਹੋਈ ਕਾਨਫਰੰਸ ਤੋਂ ਬਾਅਦ ਪਾਰਟੀ ਦੀ ਜਮੀਨੀ ਪਕੜ ਮਜਬੂਤ ਹੋਈ ਸੀ ਇਸ ਵਾਰ ਵੀ ਸੀਨੀਅਰ ਲੀਡਰਸ਼ਿਪ ਨੇ ਸਥਾਨਕ ਆਗੂਆਂ ਨੂੰ ਅੰਦਰੂਨੀ ਤੌਰ ਤੇ ਤਿਆਰੀਆਂ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਉੱਥੇ ਹੀ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਮੁਕਤਸਰ ਸਾਹਿਬ ਵਿੱਚ ਅਲੱਗ ਸਿਆਸੀ ਕਾਨਫਰੰਸ ਕਰਕੇ ਨਵਾਂ ਇਤਿਹਾਸ ਬਣਾਉਣ ਜਾ ਰਹੀ ਹੈ। ਭਾਜਪਾ ਦੀ ਕਾਨਫਰੰਸ ‘ਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਮੇਤ ਦੋ ਹੋਰ ਕੇਂਦਰੀ ਮੰਤਰੀਆਂ ਅਤੇ ਹਰਿਆਣਾ-ਰਾਜਸਥਾਨ ਦੇ ਮੁੱਖ ਮੰਤਰੀਆਂ ਦੀ ਹਾਜ਼ਰੀ ਸੰਭਾਵਿਤ ਹੈ। ਪਿਛਲੇ ਸਮੇਂ ਤੱਕ ਅਕਾਲੀ ਦਲ ਨਾਲ ਸਾਂਝੇ ਮੰਚ ਦੀ ਰਵਾਇਤ ਤੋਂ ਹਟ ਕੇ ਇਹ ਕਦਮ ਸਿਆਸੀ ਸਮੀਕਰਨਾਂ ‘ਚ ਬਦਲਾਅ ਵਜੋਂ ਦੇਖਿਆ ਜਾ ਰਿਹਾ ਹੈ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਆਪਣੀ ਪਰੰਪਰਾਗਤ ਥਾ ਮਲੋਟ-ਬਠਿੰਡਾ ਬਾਈਪਾਸ ‘ਤੇ ਆਪਣੀ ਕਾਨਫਰੰਸ ਕਰੇਗਾ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਆਗੂਆਂ ਵੱਲੋਂ ਤਿਆਰੀ ਮੀਟਿੰਗਾਂ ਜਾਰੀ ਹਨ।
ਇਸ ਤੋਂ ਇਲਾਵਾ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਸਿਆਸੀ ਪਾਰਟੀ ਵਾਰਿਸ ਪੰਜਾਬ ਦੇ ਵੱਲੋਂ ਵੀ ਕਾਨਫਰੰਸ ਦਾ ਐਲਾਨ ਕੀਤਾ ਗਿਆ ਹੈ। ਕੁੱਲ ਮਿਲਾ ਕੇ, ਮਾਘੀ ਮੇਲਾ 2026 ਪੰਜਾਬ ਦੀ ਸਿਆਸਤ ਲਈ ਅਹਿਮ ਮੋੜ ਸਾਬਿਤ ਹੋ ਸਕਦਾ ਹੈ, ਜਿੱਥੇ 2027 ਦੀ ਚੋਣੀ ਲੜਾਈ ਦੀ ਝਲਕ ਪਹਿਲਾਂ ਹੀ ਨਜ਼ਰ ਆਵੇਗੀ







