ਭਾਰਤੀ ਨਾਗਰਿਕ ਹਵਾ ਬਾਜੀ ਖੇਤਰ ਵਿੱਚ ਪਿਛਲੇ ਕਈ ਸਾਲਾਂ ਤੋਂ ਇੰਡੀਗੋ ਏਅਰਲਾਈਨ ਦਾ ਸਪਸ਼ਟ ਬੋਲ ਬਾਲਾ ਬਣਿਆ ਹੋਇਆ ਹੈ। ਘਰੇਲੂ ਉਡਾਣਾ ਵਿੱਚ ਸਭ ਤੋਂ ਵੱਡਾ ਹਿੱਸਾ ਇੰਡੀਗੋ ਅਤੇ ਏਅਰ ਇੰਡੀਆ ਸਮੂਹ ਕੋਲ ਹੈ, ਜਿਸ ਕਾਰਨ ਯਾਤਰੀਆਂ ਕੋਲ ਚੋਣਾਂ ਕਾਫੀ ਸੀਮਤ ਰਹੀਆਂ ਹਨ I ਹਾਲੀਆ ਮਹੀਨਿਆਂ ਦੌਰਾਨ ਉਡਾਣਾਂ ਦੀ ਦੇਰੀ, ਰੱਦ ਹੋਣ ਵਾਲੀਆਂ ਫਲਾਈਟਾਂ ਅਤੇ ਸੇਵਾਵਾਂ ਨਾਲ ਜੁੜੀਆਂ ਸ਼ਿਕਾਇਤਾਂ ਨੇ ਇਹ ਗੱਲ ਹੋਰ ਵੀ ਉਜਾਗਰ ਕਰ ਦਿੱਤੀ ਹੈ, ਭਾਰਤੀ ਅਸਮਾਨ ਨੂੰ ਨਵੇਂ ਅਤੇ ਮਜਬੂਤ ਵਿਕਲਪਾਂ ਦੀ ਲੋੜ ਹੈ I
ਇਸ ਪਿਛੋਕੜ ਵਿੱਚ ਹੁਣ ਤਿੰਨ ਨਵੀਆਂ ਏਅਰਲਾਈਨਾਂ – ਸੰਖ ਏਅਰ, ਅਲਹਿੰਦ ਏਅਰ ਅਤੇ ਫਲਾਈ ਐਕਸਪ੍ਰੈਸ- ਭਾਰਤੀ ਹਵਾਬਾਜੀ ਖੇਤਰ ਵਿੱਚ ਦਾਖਲ ਹੋਣ ਦੀ ਤਿਆਰੀਆਂ ਕਰ ਰਹੀਆਂ ਹਨ I ਉਮੀਦ ਕੀਤੀ ਜਾ ਰਹੀ ਹੈ ਕਿ ਇਹ ਏਅਰਲਾਈਨਾਂ 2026 ਤੂੰ ਆਪਣੀਆਂ ਨਿਯਮਤ ਉਡਾਣਾ ਸ਼ੁਰੂ ਕਰਨਗੀਆਂ I ਇਹ ਕਦਮ ਨਾ ਸਿਰਫ ਮੁਕਾਬਲੇ ਨੂੰ ਵਧਾਏਗਾ, ਸਗੋਂ ਯਾਤਰੀਆਂ ਲਈ ਵਧੀਆਂ ਸੇਵਾਵਾਂ ਅਤੇ ਵਾਜਬ ਕਿਰਾਏ ਦੀ ਉਮੀਦ ਵੀ ਜਗਾਏਗਾ I
ਸ਼ਹਿਰੀ ਹਵਾਬਾਜੀ ਮੰਤਰਾਲਾ, ਭਾਰਤ ਵਿੱਚ ਹੋਰ ਏਅਰ ਲਾਈਨਾਂ ਨੂੰ ਉਤਸਾਹਿਤ ਕਰਨ ਦੇ ਮੂੜ ਵਿੱਚ ਹੈ I ਮੰਤਰੀ ਕੇ ਰਾਮ ਮੋਹਨ ਨਾਏਡੂ ਨੇ ਸੋਸ਼ਲ ਮੀਡੀਆ ‘ਐਕਸ’ ਤੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਸੰਖ ਈਅਰ ਨੂੰ ਪਹਿਲਾਂ ਹੀ ਐਨਓਸੀ ਮਿਲ ਚੁੱਕੀ ਹੈ, ਜਦਕਿ ਅਲ ਹਿੰਦ ਏਅਰ ਅਤੇ ਫਲਾਈ ਐਕਸਪ੍ਰੈਸ ਨੂੰ ਹਾਲ ਹੀ ਵਿੱਚ ਮਨਜ਼ੂਰੀ ਦਿੱਤੀ ਗਈ ਸੀ I ਉਹਨਾਂ ਮੁਤਾਬਕ ਇਹ ਨਵੀਆਂ ਏਅਰਲਾਈਨਾਂ ਭਾਰਤੀ ਅਸਮਾਨ ਵਿੱਚ ਉੜਾਨ ਭਰਨ ਲਈ ਤਿਆਰ ਹਨ I
ਵਰਤਮਾਨ ਸਮੇਂ ਭਾਰਤ ਵਿੱਚ ਕੁੱਲ ਨੌ ਨਿਯਮਤ ਏਅਰਲਾਈਨਾਂ ਕੰਮ ਕਰ ਰਹੀਆਂ ਹਨ I ਹਾਲਾਂਕਿ ਖੇਤਰੀ ਕੈਰੀਅਰ ਫਲਾਈ ਵਿੰਗ ਅਕਤੂਬਰ ਮਹੀਨੇ ਵਿੱਚ ਆਪਣੀਆਂ ਉਡਾਣਾਂ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤੀਆਂ ਹਨ I ਡਾਇਰੈਕਟੋਰੇਟ ਜਨਰਲ ਆਫ਼ ਸਿਵਿਲ ਐਵੀਏਸ਼ਨ (DGCA) ਦੇ ਆਂਕੜਿਆਂ ਅਨੁਸਾਰ ਇੰਡੀਗੋ ਅਤੇ ਏਅਰ ਇੰਡੀਆ ਸਮੂਹ ਮਿਲ ਕੇ ਘਰੇਲੂ ਬਾਜ਼ਾਰ ਦਾ 90% ਤੋਂ ਵੱਧ ਹਿੱਸਾ ਸੰਭਾਲਦੇ ਹਨ I ਜੋ ਕੀ ਸਿਹਤਮੰਦ ਮੁਕਾਬਲੇ ਲਈ ਇੱਕ ਵੱਡੀ ਚੁਣੌਤੀ ਮੰਨੇ ਜਾਂਦੀ ਹੈ।
ਸਰਕਾਰ ਦੀ ਉਡਾਨ “ਯੋਜਨਾ” ਨੇ ਖੇਤਰੀ ਹਵਾਬਾਜ਼ੀ ਨੂੰ ਨਵੀਂ ਦਿਸ਼ਾ ਦਿੱਤੀ ਹੈ। ਇਸ ਯੋਜਨਾ ਤਹਿਤ ਸਟਾਰ ਏਅਰ, ਇੰਡੀਆ ਵਨ ਏਅਰ ਅਤੇ ਫਲਾਈ 91 ਵਰਗੀਆਂ ਛੋਟੀਆਂ ਏਅਰ ਲਾਈਨਾਂ ਨੇ ਦੂਰਦਰਾਜ਼ ਅਤੇ ਛੋਟੇ ਸ਼ਹਿਰਾਂ ਨੂੰ ਵੱਡੇ ਸ਼ਹਿਰਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ I ਮੰਤਰਾਲੇ ਦਾ ਮੰਨਣਾ ਹੈ ਕੀ ਆਉਣ ਵਾਲੇ ਸਾਲਾਂ ਦੇ ਵਿੱਚ ਖੇਤਰੀ ਅਤੇ ਘਰੇਲੂ ਹਵਾਬਾਜ਼ੀ ਦੋਵਾਂ ਖੇਤਰਾਂ ਵਿੱਚ ਵੱਡਾ ਵਿਕਾਸ ਦੇਖਣ ਨੂੰ ਮਿਲੇਗਾ I
ਜ਼ਿਕਰਯੋਗ ਹੈ ਕਿ ਗੋਫਸਟ ਅਤੇ ਜੈੱਟ ਏਅਰਵੇਜ ਵਰਗੀਆਂ ਕਈ ਏਅਰਲਾਈਨਾਂ ਕਰਜ਼ੇ ਦੀ ਭਾਰ ਕਾਰਨ ਪਿਛਲੇ ਕੁਝ ਸਾਲਾਂ ਵਿੱਚ ਬੰਦ ਹੋ ਚੁੱਕੀਆਂ ਹਨ। ਅਜਿਹੇ ਸਮੇਂ ਵਿੱਚ ਨਵੀਆਂ ਏਅਰਲਾਈਨਾਂ ਦਾ ਆਉਣਾ ਭਾਰਤੀ ਹਵਾਬਾਜੀ ਖੇਤਰ ਲਈ ਇੱਕ ਨਵੀਂ ਆਸ ਬਣ ਕੇ ਸਾਹਮਣੇ ਆ ਰਿਹਾ ਹੈ I ਜੇ ਇਹ ਯੋਜਨਾਵਾਂ ਸਫਲ ਰਹੀਆਂ, ਤਾਂ ਯਾਤਰੀਆਂ ਨੂੰ ਨਾ ਸਿਰਫ਼ ਵਧੀਆ ਚੋਣਾਂ ਮਿਲਣਗੀਆਂ,ਸਗੋਂ ਭਾਰਤੀ ਅਸਮਾਨ ਵਿੱਚ ਮੁਕਾਬਲਾ ਵੀ ਨਵੀਂ ਉਚਾਈ ਛੂਹੇਗਾ I







