---Advertisement---

ਸੰਤ ਸੀਚੇਵਾਲ ਦੇ ਯਤਨਾਂ ਨਾਲ ਓਮਾਨ ‘ਚ ਫਸੀਆਂ ਪੰਜ ਪੰਜਾਬੀ ਲੜਕੀਆਂ ਵਾਪਸ, ਪੀੜਤਾਂ ਨੇ ਖੋਲ੍ਹੇ ਮਨੁੱਖੀ ਤਸਕਰੀ ਦੇ ਖੌਫ਼ਨਾਕ ਭੇਦ I

January 6, 2026 8:09 PM
---Advertisement---

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸਹਿਯੋਗ ਅਤੇ ਦਖਲ ਨਾਲ ਓਮਾਨ ਵਿੱਚ ਫਸੀਆਂ ਪੰਜ ਪੰਜਾਬੀ ਲੜਕੀਆਂ ਨੂੰ ਸੁਰੱਖਿਤ ਤਰੀਕੇ ਨਾਲ ਭਾਰਤ ਵਾਪਸ ਲਿਆਂਦਾ ਗਿਆ ਹੈ I ਇਨ੍ਹਾਂ ਵਿੱਚੋਂ ਇੱਕ ਪੀੜਤਾ, ਜੋ ਜਿਲ੍ਹਾ ਜਲੰਧਰ ਨਾਲ ਸੰਬੰਧਿਤ ਹੈ, ਆਪਣੀ ਵਾਪਸੀ ਉਪਰੰਤ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੀ, ਜਿੱਥੇ ਉਸਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੀ ਦਰਦਨਾਕ ਕਹਾਣੀ ਸਾਂਝੀ ਕੀਤੀ I

ਪੀੜਤਾ ਨੇ ਕਿਹਾ ਕਿ ਜੇਕਰ ਸੰਤ ਸੀਚੇਵਾਲ ਵੱਲੋਂ ਸਮੇਂ ਸਿਰ ਦਖ਼ਲ ਨਾ ਦਿੱਤਾ ਜਾਂਦਾ ਤਾਂ ਉਸ ਦੀ ਵਾਪਸੀ ਅਸੰਭਵ ਸੀ I ਪੀੜਤਾ ਦੇ ਪਰਿਵਾਰਿਕ ਮੈਂਬਰਾਂ ਵੱਲੋਂ 16 ਦਸੰਬਰ 2025 ਨੂੰ ਸੰਤ ਸੀਚੇਵਾਲ ਨਾਲ ਸੰਪਰਕ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਇਹ ਮਾਮਲਾ ਵਿਦੇਸ਼ ਮੰਤਰਾਲੇ ਦੇ ਧਿਆਨ ਵਿੱਚ ਲਿਆਂਦਾ I ਨਤੀਜੇ ਵਜੋਂ ਸਿਰਫ 14 ਦਿਨਾਂ ਦੇ ਅੰਦਰ-ਅੰਦਰ ਪੀੜਤਾ ਸਮੇਤ ਪੰਜ ਪੰਜਾਬੀ ਲੜਕੀਆਂ ਨੂੰ ਸੁਰੱਖਿਅਤ ਭਾਰਤ ਲਿਆਂਦਾ ਗਿਆ I ਪੀੜਤਾਂ ਨੇ ਦੱਸਿਆ ਕਿ ਉਹ 30 ਦਸੰਬਰ ਨੂੰ ਹੋਰ ਚਾਰ ਲੜਕੀਆਂ ਨਾਲ ਭਾਰਤ ਪਰਤੀ I

ਪੀੜਤਾਂ ਨੇ ਖੁਲਾਸਾ ਕੀਤਾ ਕਿ ਸਤੰਬਰ ਮਹੀਨੇ ‘ਚ ਉਸ ਨੂੰ ਰੋਜ਼ਗਾਰ ਦੇ ਸੁਨਹਿਰੀ ਸੁਪਨੇ ਦਿਖਾ ਕੇ ਓਮਾਨ ਲਿਜਾਇਆ ਗਿਆ ਸੀ, ਪਰ ਉੱਥੇ ਪਹੁੰਚਣ ‘ਤੇ ਪਤਾ ਲੱਗਾ ਕੀ ਉਸਨੂੰ 1200 ਰਿਆਲ ਦੇ ਬਦਲੇ ਵੇਚ ਦਿੱਤਾ ਗਿਆ ਹੈ I ਸਭ ਤੋਂ ਹੈਰਾਨੀਜਨਕ ਗੱਲ ਇਹ ਰਹੀ ਕਿ ਇਸ ਸਾਰੇ ਜਾਲ ਦੇ ਪਿੱਛੇ ਉਸਦੀ ਆਪਣੀ ਮਾਮੀ ਦਾ ਹੱਥ ਸੀ, ਜੋ ਉਸਨੂੰ ਓਮਾਨ ਛੱਡ ਕੇ ਖੁਦ ਭਾਰਤ ਵਾਪਸ ਆ ਗਈ I

ਪੀੜਤਾ ਅਨੁਸਾਰ, ਓਮਾਨ ‘ਚ ਬਿਤਾਏ ਚਾਰ ਮਹੀਨੇ ਉਸਦੀ ਜ਼ਿੰਦਗੀ ਦੇ ਸਭ ਤੋਂ ਡਰਾਉਣੇ ਦਿਨ ਸਨ I ਉਸਨੇ ਦੱਸਿਆ ਕਿ ਉੱਥੇ ਉਸ ‘ਤੇ ਜ਼ਬਰਦਸਤੀ ਅਣਚਾਹੇ ਕੰਮ ਕਰਨ ਲਈ ਦਬਾਅ ਬਣਾਇਆ ਜਾਂਦਾ ਸੀ I ਇਨਕਾਰ ਕਰਨ ‘ ਤੇ ਬਦਸਲੂਕੀ ਮਾਰ-ਕੁੱਟ ਅਤੇ ਖਾਣ-ਪੀਣ ਤੱਕ ਰੋਕ ਦਿੱਤਾ ਜਾਂਦਾ ਸੀ। ਜਦੋਂ ਉਸਨੇ ਭਾਰਤ ਵਾਪਸ ਜਾਣ ਦੀ ਮੰਗ ਕੀਤੀ ਤਾਂ ਦੋ ਲੱਖ ਰੁਪਏ ਜਾਂ ਭਾਰਤ ਤੋਂ ਦੋ ਹੋਰ ਲੜਕੀਆਂ ਭੇਜਣ ਦੀ ਸ਼ਰਤ ਰੱਖੀ ਗਈ I

ਪੀੜਤਾਂ ਨੇ ਦੱਸਿਆ ਕਿ ਕਿਸੇ ਤਰ੍ਹਾਂ ਜਾਨ ਬਚਾ ਕੇ ਉਹ ਇੱਕ ਸੁਰੱਖਿਅਤ ਥਾਂ ਤੱਕ ਪਹੁੰਚੀ, ਜਿੱਥੇ ਪਹਿਲਾਂ ਹੀ ਲਗਭਗ 70 ਹੋਰ ਭਾਰਤੀ ਲੜਕੀਆਂ ਇਸੇ ਤਰ੍ਹਾਂ ਦੇ ਹਾਲਾਤਾਂ ‘ਚ ਫਸੀਆਂ ਹੋਈਆਂ ਸਨ। ਉਸ ਨੇ ਕਿਹਾ ਕਿ ਮਸਕਟ (ਓਮਾਨ) ਵਿੱਚ ਘਰੇਲੂ ਕੰਮ ਦੇ ਨਾਂ ‘ਤੇ ਲੜਕੀਆਂ ਨੂੰ ਬੁਲਾਕੇ ਮਨੁੱਖੀ ਤਸਕਰੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ I

ਇਸ ਮੌਕੇ ਤੇ ਸੰਤ ਸੀਚੇਵਾਲ ਨੇ ਕਿਹਾ ਕਿ ਅਰਬ ਦੇਸਾਂ ‘ਚ ਭਾਰਤੀ ਲੜਕੀਆਂ ਨਾਲ ਹੋ ਰਿਹਾ ਸ਼ੋਸ਼ਣ ਬਹੁਤ ਗੰਭੀਰ ਮਾਮਲਾ ਹੈ। ਉਨ੍ਹਾਂ ਨੇ ਦੱਸਿਆ ਕਿ ਓਮਾਨ ‘ਚ ਫਸੀਆਂ ਕਰੀਬ 70 ਭਾਰਤੀ ਲੜਕੀਆਂ ਦੀ ਸੁਰੱਖਿਅਤ ਵਾਪਸੀ ਲਈ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ ਗਿਆ ਹੈ। ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕਰਦਿਆਂ ਮੰਗ ਕੀਤੀ ਕਿ ਮਨੁੱਖੀ ਤਸਕਰੀ ਨਾਲ ਜੁੜੇ ਗਿਰੋਹਾਂ ਖਿਲਾਫ ਸਖਤ ਕਾਰਵਾਈ ਹੋਵੇ, ਤਾਂ ਜੋ ਭਵਿੱਖ ਵਿੱਚ ਕੋਈ ਹੋਰ ਧੀ ਇਸ ਦਰਦਨਾਕ ਜਾਲ ਦਾ ਸ਼ਿਕਾਰ ਨਾ ਬਣੇ ।

Join WhatsApp

Join Now

Join Telegram

Join Now

Leave a Comment