ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਰਿਲਾਇੰਸ ਇੰਡਸਟਰੀਜ ਲਿਮਿਟਿਡ ਦੇ ਸ਼ੇਅਰਾਂ ਨੇ ਸੋਮਵਾਰ ਨੂੰ ਸ਼ੇਅਰ ਬਜ਼ਾਰ ਵਿੱਚ ਨਿਵੇਸ਼ਕਾਂ ਨੂੰ ਹੈਰਾਨ ਕਰ ਦਿੱਤਾ। BSE ‘ਤੇ ਕੰਪਨੀ ਦਾ ਸ਼ੇਅਰ 5 ਫੀਸਦੀ ਤੋਂ ਵੱਧ ਡਿੱਗ ਕੇ 1497.05 ਰੁਪਏ ਤੱਕ ਆ ਗਿਆ, ਜਿਸ ਨਾਲ ਰਿਲਾਇੰਸ ਦੇ ਮਾਰਕੀਟ ਕੈਪ ਵਿੱਚ ਲਗਭਗ 1 ਲੱਖ ਕਰੋੜ ਰੁਪਏ ਦੀ ਵੱਡੀ ਕਮੀ ਦਰਜ ਕੀਤੀ ਗਈ। ਇਹ ਗਿਰਾਵਟ ਸਿਰਫ਼ ਰਿਲਾਇੰਸ ਲਈ ਹੀ ਨਹੀਂ, ਸਗੌਂ ਸਮੂਹ ਬਜ਼ਾਰ ਲਈ ਵੀ ਇੱਕ ਵੱਡਾ ਝਟਕਾ ਸਾਬਤ ਹੋਈ।
ਬਜ਼ਾਰ ਵਿਸ਼ੇਸ਼ਗਿਆਨ ਅਨੁਸਾਰ, ਇਸ ਅਚਾਨਕ ਗਿਰਾਵਟ ਪਿੱਛੇ ਮੁੱਖ ਕਾਰਨ ਰੂਸੀ ਕੱਚੇ ਤੇਲ ਦੀ ਖਰੀਦ ਨੂੰ ਲੈ ਕੇ ਫੈਲੀ ਅਫਵਾਹ ਅਤੇ ਅਮਰੀਕਾ ਵੱਲੋਂ ਭਾਰਤ ‘ਤੇ ਬਣਦਾ ਦਬਾਅ ਮੰਨਿਆ ਜਾ ਰਿਹਾ ਹੈ। ਹਾਲ ਹੀ ਵਿੱਚ Bloomberg ਦੀ ਇੱਕ ਰਿਪੋਰਟ ਸਾਹਮਣੇ ਆਈ ਸੀ, ਜਿਸ ‘ਚ ਦਾਅਵਾ ਕੀਤਾ ਗਿਆ ਕਿ ਰੂਸ ਤੋਂ ਤੇਲ ਲੈ ਕੇ ਤਿੰਨ ਟੈਂਕਰ ਗੁਜਰਾਤ ਸਥਿਤ ਜਾਮਨਗਰ ਰਿਫਾਇਨਰੀ ਵੱਲ ਵੱਧ ਰਹੇ ਹਨ। ਇਸ ਖ਼ਬਰ ਨੇ ਬਜ਼ਾਰ ਵਿੱਚ ਹੜਕੰਪ ਮਚਾ ਦਿੱਤਾ ਅਤੇ ਨਿਵੇਸ਼ਕਾਂ ਵਿੱਚ ਅਣਨਿਸ਼ਚਿੱਤਤਾ ਵੱਧ ਗਈ।
ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦਿੱਤੇ ਬਿਆਨ ਨੇ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ। ਟਰੰਪ ਨੇ ਚੇਤਾਵਨੀ ਦੇਂਦਿਆਂ ਕਿਹਾ ਕਿ ਜੇਕਰ ਭਾਰਤ ਰੂਸ ਤੋਂ ਤੇਲ ਦੀ ਖਰੀਦ ਵਿੱਚ ਕਮੀ ਨਹੀਂ ਲਿਆਉਂਦਾ, ਤਾਂ ਅਮਰੀਕਾ ਵੱਲੋਂ ਭਾਰਤ ‘ਤੇ ਟੈਰਿਫ ਵਧਾਏ ਜਾ ਸਕਦੇ ਹਨ। ਅਮਰੀਕਾ ਨਾਲ ਵਪਾਰਕ ਰਿਸ਼ਤਿਆਂ ‘ਚ ਸੰਭਾਵਿਤ ਤਣਾਅ ਦੀ ਆਹਟ ਨੇ ਨਿਵੇਸ਼ਕਾਂ ਨੂੰ ਸਾਵਧਾਨ ਕਰ ਦਿੱਤਾ, ਜਿਸ ਦਾ ਸਿੱਧਾ ਅਸਰ ਰਿਲਾਇੰਸ ਦੇ ਸ਼ੇਅਰਾਂ ਤੇ ਪਿਆ।
ਹਾਲਾਂਕਿ, ਗਿਰਾਵਟ ਦੇ ਵਿਚਕਾਰ ਰਿਲਾਇੰਸ ਇੰਡਸਟਰੀਜ ਨੇ ਤੁਰੰਤ ਸਪੱਸ਼ਟੀਕਰਨ ਜਾਰੀ ਕਰਦਿਆਂ ਇਨ੍ਹਾਂ ਦਾਵਿਆਂ ਨੂੰ ਖੰਡਿਤ ਕੀਤਾ। ਕੰਪਨੀ ਨੇ ‘ਐਕਸ’ ਤੇ ਕਿਹਾ ਕਿ ਜਨਵਰੀ ਮਹੀਨੇ ਵਿੱਚ ਰੂਸ ਤੋਂ ਕਿਸੇ ਵੀ ਕਿਸਮ ਦੇ ਕੱਚੇ ਤੇਲ ਦੀ ਡਿਲੀਵਰੀ ਦੀ ਉਮੀਦ ਨਹੀਂ ਹੈ ਅਤੇ ਪਿਛਲੇ ਤਿੰਨ ਹਫਤਿਆਂ ਦੌਰਾਨ ਕੋਈ ਇਹੋ ਅਜਿਹਾ ਕਾਰਗੋ ਪ੍ਰਾਪਤ ਨਹੀਂ ਹੋਇਆ। ਕੰਪਨੀ ਦਾ ਕਹਿਣਾ ਹੈ ਕਿ ਬਲੂਮਬਰਗ ਦੀ ਰਿਪੋਰਟ ਹਕੀਕਤ ‘ਤੇ ਆਧਾਰਿਤ ਨਹੀਂ ਹੈ।
ਬਾਜ਼ਾਰ ‘ਤੇ ਪਏ ਪ੍ਰਭਾਵ ਦੀ ਗੱਲ ਕਰੀਏ ਤਾਂ ਰਿਲਾਇੰਸ ਦਾ ਸ਼ੇਅਰ ਅੱਜ Nifty 50 ਵਿੱਚ ਸਭ ਤੋਂ ਵੱਡਾ ਡਿੱਗਣ ਵਾਲਾ ਸਟਾਕ ਰਿਹਾ। ਨਿਫਟੀ ਵਿੱਚ ਆਈ ਕੁੱਲ 91 ਅੰਕਾਂ ਦੀ ਗਿਰਾਵਟ ਦੇ ਵਿੱਚ ਇਕੱਲੇ ਰਿਲਾਇੰਸ ਦਾ ਲਗਭਗ 72.5 ਅੰਕਾਂ ਦਾ ਯੋਗਦਾਨ ਸੀ। ਇਹ ਆਂਕੜੇ ਦੱਸਦੇ ਹਨ ਕਿ ਰਿਲਾਇੰਸ ਦੀ ਹਿਲਚਿਲ ਪੂਰੇ ਬਜ਼ਾਰ ਦੀ ਦਿਸ਼ਾ ਤੈਅ ਕਰਨ ਦੀ ਸਮਰਥਾ ਰੱਖਦੀ ਹੈ।
ਤਕਨੀਕੀ ਪੱਖੋਂ ਵੇਖਿਆ ਜਾਵੇ ਤਾਂ ਟਰੇਡ ਲਾਈਨ ਦੇ ਆਂਕੜਿਆਂ ਮੁਤਾਬਕ, ਰਿਲਾਇੰਸ ਦਾ ਰਿਲੇਟਿਵ ਸਟਰੈਂਥ ਇੰਡੈਕਸ 59.8 ‘ਤੇ ਹੈ, ਜੋ ਨਿਊਟਰਲ ਜੋ਼ਨ ਵਿੱਚ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ, ਸ਼ੇਅਰ ਅਜੇ ਵੀ ਮੱਧਮ ਅਤੇ ਲੰਬੇ ਸਮੇਂ ਦੇ ਐਕਸਪੋਨੈਂਸ਼ੀਅਲ ਮੂਵਿੰਗ ਐਵਰੇਜ ਤੋਂ ਉੱਪਰ ਬਣਿਆ ਹੋਇਆ ਹੈ, ਜੋ ਇਹ ਸੰਕੇਤ ਦਿੰਦਾ ਹੈ ਕਿ ਲੰਬੇ ਸਮੇਂ ਲਈ ਨਿਵੇਸ਼ਕਾਂ ਦੀ ਉਮੀਦ ਪੂਰੀ ਤਰ੍ਹਾਂ ਟੁੱਟੀ ਨਹੀਂ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਇੱਕ ਸਾਲ ਦੌਰਾਨ ਰਿਲਾਇੰਸ ਦੇ ਸ਼ੇਅਰ ਨੇ ਕਰੀਬ 25.8 ਫੀਸਦੀ ਦਾ ਮੁਨਾਫਾ ਦਿੱਤਾ ਸੀ, ਪਰ ਤਾਜ਼ਾ ਘਟਨਾਕ੍ਰਮ ਨੇ ਛੋਟੇ ਸਮੇਂ ਵਿੱਚ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਝੱਲਣ ‘ਤੇ ਮਜਬੂਰ ਕਰ ਦਿੱਤਾ। ਹੁਣ ਸਾਰੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹਨ ਕਿ ਅਗਲੇ ਕੁਝ ਦਿਨਾਂ ਵਿੱਚ ਗਲੋਬਲ ਸੰਕੇਤ ਅਤੇ ਕੰਪਨੀ ਦੀ ਅਗਲੀ ਰਣਨੀਤੀ ਬਜ਼ਾਰ ਨੂੰ ਕਿਸ ਪਾਸੇ ਲੈ ਜਾਂਦੀ ਹੈ।







