ਪੰਜਾਬ ਦੀਆਂ ਸੂਗਰ ਮਿੱਲਾਂ ਮੌਜੂਦਾ ਸੀਜਨ ਦੌਰਾਨ ਗੰਨੇ ਦੀ ਭਾਰੀ ਕਮੀ ਨਾਲ ਜੂਝ ਰਹੀਆਂ ਹਨ, ਜਿਸ ਨਾਲ ਸੂਬੇ ਦੀ ਖੰਡ ਉਦਯੋਗੀ ਅਰਥ ਵਿਵਸਥਾ ਉੱਤੇ ਗੰਭੀਰ ਅਸਰ ਪੈ ਰਿਹਾ ਹੈ। ਮਿਲ ਅਧਿਕਾਰੀਆਂ ਅਨੁਸਾਰ ਇਸ ਸਾਲ ਗੰਨਾ ਕੱਟਣ ਵਾਲੇ ਮਜ਼ਦੂਰਾਂ ਦੀ ਪ੍ਰਾਪਤੀ ਵਿੱਚ 35 ਤੋਂ 40 ਫੀਸਦੀ ਤੱਕ ਕਮੀ ਆਈ ਹੈ, ਜਿਸ ਨਾਲ ਨਾ ਸਿਰਫ ਕਟਾਈ ਦੀ ਰਫਤਾਰ ਹੋਲੀ ਹੋਈ ਹੈ ਸਗੋਂ ਗੰਨੇ ਦੀ ਮਿਲਾਂ ਤੱਕ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ।
ਆਮ ਤੌਰ ਤੇ ਜਨਵਰੀ ਦੇ ਅਖੀਰ ਤੱਕ ਖੰਡ ਮਿੱਲਾਂ ਦੇ ਬਾਹਰ ਟਰੈਕਟਰ ਟਰਾਲੀਆਂ ਦੀਆਂ ਲੰਬੀਆਂ ਕਤਾਰਾਂ ਦਿਖਾਈ ਦਿੰਦੀਆਂ ਸਨ, ਪਰ ਇਸ ਵਾਰ ਕਈ ਮੀਲਾਂ ਆਪਣੀ ਨਿਰਧਾਰਿਤ ਸਮਰਥਤਾ ਤੋਂ ਕਾਫੀ ਘੱਟ ਪੱਧਰ ਤੇ ਕੰਮ ਕਰ ਰਹੀਆਂ ਹਨ। ਕੁਝ ਮਿਲਾਂ ਦੇ ਤਿੰਨ ਤੋਂ ਚਾਰ ਹਫਤੇ ਪਹਿਲਾਂ ਹੀ ਬੰਦ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਇਸ ਸੰਕਟ ਦੇ ਨਾਲ ਗੰਨੇ ਹੇਠ ਰਕਬੇ ਵਿੱਚ ਲਗਾਤਾਰ ਆ ਰਹੀ ਕਮੀ ਨੇ ਚਿੰਤਾ ਹੋਰ ਵਧਾ ਦਿੱਤੀ ਹੈ। ਜਿੱਥੇ ਪਹਿਲਾਂ ਲਗਭਗ ਇਕ ਲੱਖ ਹੈਕਟੇਅਰ ਰਕਬਾ ਗੰਨੇ ਹੇਠ ਸੀ, ਉਹ ਹੁਣ ਘੱਟ ਕੇ 88 ਤੋਂ 95 ਹਜਾਰ ਹੈਕਟੇਅਰ ਦੇ ਦਰਮਿਆਨ ਰਹਿ ਗਇਆ ਹੈ। ਵੱਧਦੇ ਖੇਤੀ ਖਰਚੇ, ਭੁਗਤਾਨਾ ਵਿੱਚ ਹੋਈ ਦੇਰੀ ਅਤੇ ਮਜ਼ਦੂਰਾਂ ਦੀ ਘਾਟ ਕਾਰਨ ਕਿਸਾਨ ਹੋਰ ਫਸਲਾਂ ਵੱਲ ਰੁਝਾਨ ਕਰ ਰਹੇ ਹਨ।
ਪੈਦਾਵਾਰ ਵਿੱਚ ਵੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਜਿੱਥੇ ਪਹਿਲਾਂ ਔਸਤ 350 ਕੁਇੰਟਲ ਪ੍ਰਤੀ ਏਕੜ ਪੈਦਾਵਾਰ ਮਿਲਦੀ ਸੀ, ਉਥੇ ਇਸ ਸਾਲ ਕਈ ਖੇਤਰਾਂ ਵਿੱਚ ਇਹ 200 ਤੋਂ 225 ਕੁਇੰਟਲ ਤੱਕ ਰਹਿ ਗਈ ਹੈ।
ਮਿਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਆਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦਾ ਮਹਾਰਾਸ਼ਟਰ ਅਤੇ ਦੱਖਣੀ ਸੂਬਿਆਂ ਵੱਲ ਮੋੜ ਇਸ ਸੰਕਟ ਦਾ ਮੁੱਖ ਕਾਰਨ ਬਣਿਆ ਹੈ। ਜੇ ਹਾਲਾਤ ਨਹੀਂ ਸੁਧਰੇ ਤਾਂ ਆਉਣ ਵਾਲੇ ਸਾਲਾਂ ਵਿੱਚ ਪੰਜਾਬ ਦੀ ਖੰਡ ਉਦਯੋਗੀ ਤਸਵੀਰ ਹੋਰ ਵੀ ਗੰਭੀਰ ਹੋ ਸਕਦੀ ਹੈ।







